ਰਾਘਵ ਚੱਢਾ ਵੱਲੋਂ ਸੰਸਦ ’ਚ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ–ਰਮੇਸ਼ ਯਾਦਵ
ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਆਪ ਪਾਰਟੀ ਦੇ ਰਾਜਸਭਾ ਮੈਂਬਰ ਸ੍ਰੀ ਰਾਘਵ ਚੱਢਾ ਵੱਲੋਂ ਸੰਸਦ ਵਿੱਚ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ ਉਠਾਉਣ ਨੂੰ ਇਕ ਸ਼ਲਾਘਾਯੋਗ ਯਤਨ ਦਸਦੇ ਹੋਏ ਕਿਹਾ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਜਾਣ ਵਾਸਤੇ ਜਿਹੜੀਆਂ ਮੁੱਖ ਮੁਸ਼ਕਲਾਂ ਦਰਪੇਸ਼ ਹਨ ਉਨ੍ਹਾਂ ਨੂੰ ਦੂਰ ਕਰਨ ਸਬੰਧੀ ਰਾਘਵ ਚੱਢਾ ਨੇ ਇਹ ਮਸਲਾ ਉਠਾ ਕੇ ਪ੍ਰਸੰਸਾ ਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਦਮੀ ਬਹੁਤ ਲੰਮੇ ਸਮੇਂ ਤੋਂ ਦਰਸ਼ਨਾ ਸਬੰਧੀ ਤਿੰਨ ਮੁੱਖ ਸ਼ਰਤਾਂ ਸ਼ਰਧਾਲੂਆਂ ਤੋਂ ਲਈ ਜਾਣ ਵਾਲੀ 20 ਡਾਲਰ ਦੀ ਫੀਸ, ਪਾਸਪੋਰਟ ਦਿਖਾਉਣ ਦੀ ਸ਼ਰਤ ਅਤੇ ਔਖੀ ਔਨ ਲਾਇਨ ਪ੍ਰਕਿਰਿਆ ਨੂੰ ਹਟਾਉਣ ਲਈ ਸੂਬੇ ਤੇਂ ਕੇਂਦਰੀ ਸਰਕਾਰ ਨੂੰ ਅਪੀਲਾਂ ਕਰਦੀ ਆ ਰਹੀਂ ਹੈ ਅਤੇ ਅਕਾਦਮੀ ਵੱਲੋਂ ਪਿਛਲੇ ਦਿਨੀਂ ਕੀਤੇ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਪ੍ਰੋਗਰਾਮ ਵਿੱਚ ਏਜੰਡਾ ਪੇਸ਼ ਕੀਤਾ ਗਿਆ ਜਿਸ ਵਿੱਚ ਸ਼ਰਧਾਲੂਆਂ ਤੋਂ ਲਈ ਜਾਣ ਵਾਲੀ 20 ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਥਾਂ ਅਧਾਰ ਕਾਰਡ ਜਾਂ ਵੋਟਰ ਕਾਰਡ ਰਾਹੀਂ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਜਾਣ ਦਿੱਤਾ ਜਾਵੇ। ਅਕਾਦਮੀ ਦੇ ਸਮੂਹ ਮੈਂਬਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਵਿਧਾਨ ਸਭਾ ਸ਼ੈਸਨ ਵਿੱਚ ਮਤਾ ਪਾਸ ਕੀਤਾ ਜਾਵੇ ਕਿ ਦੋਹਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਦੀ ਖੁੱਲ ਦਿੱਤੀ ਜਾਵੇ, ਤਾਂ ਕਿ ਪ੍ਰਸਪਰ ਸਾਂਝ, ਮਿੱਤਰਤਾ ਅਤੇ ਆਪਸੀ ਵਿਸ਼ਵਾਸ ਪੈਦਾ ਹੋਵੇ। ਇਸ ਨਾਲ ਅਮਨ–ਸ਼ਾਂਤੀ ਦਾ ਵਾਤਾਵਰਣ ਵੀ ਬਣੇਗਾ ਅਤੇ ਮਹਿੰਗਾਈ ਘਟੇਗੀ। ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਮੌਕੇ ਵੀ ਨਿਕਲਣਗੇੇ। ਦੋਹੇਂ ਪਾਸੇ ਤਰੱਕੀ ਹੋਵੇਗੀ। ਇਸੇ ਸਬੰਧੀ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵੱਲੋਂ ਮਿਤੀ 11 ਦਸੰਬਰ ਨੂੰ ਸਵੇਰੇ 11 ਵਜੇ ਡੇਰਾ ਬਾਬਾ ਨਾਨਕ ਵਿਖੇ ਚੋਣ ਰਾਹੀਂ ਸੰਘਰਸ਼ ਕਮੇਟੀ ਦਾ ਗਠਨ ਕਰ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਅਕਾਦਮੀ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ ਸਰਕਾਰੀਆ ਨੇ ਕਿਹਾ ਕਿ ਇਹ ਕਮੇਟੀ ਨਾਲ ਡੇਰਾ ਬਾਬਾ ਨਾਨਕ ਦੇ ਲੋਕਾਂ ਲਈ ਨਵੀਆਂ ਉਮੀਦਾ ਲੈ ਕੇ ਆਵੇਗਾ। ਇਸ ਮੀਟਿੰਗ ਵਿੱਚ ਭੂਪਿੰਦਰ ਸਿੰਘ ਸੰਧੂ, ਕਮਲ ਗਿੱਲ, ਸੁਖਪਾਲ ਸਿੰਘ, ਕਰਮਜੀਤ ਕੌਰ ਜੱਸਲ, ਹਰਜੀਤ ਸਿੰਘ ਸਰਕਾਰੀਆ, ਜਸਵਿੰਦਰ ਜੱਸੀ, ਹਰੀਸ਼ ਸਾਬਰੀ, ਧਰਵਿੰਦਰ ਔਲਖ ਵਿੱਚ ਸ਼ਾਮਲ ਹੋਏ।