-->
ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਨਾਰੀ ਸਸ਼ਕਤੀਕਰਨ ਅਤੇ ਸਮਾਜ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਨਾਰੀ ਸਸ਼ਕਤੀਕਰਨ ਅਤੇ ਸਮਾਜ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਸਫ਼ਲਤਾ ‘ਇਤਿਹਾਸ’ ਸਿਰਜਦੀ:
ਸ੍ਰੀਮਤੀ ਸ਼ੰਮੀ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ/ਰਵਿੰਦਰ ਕੁਮਾਰ)-ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਸਮਾਜ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਗਏ ਸੈਮੀਨਾਰ ’ਚ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਮੁੱਖ ਦਫ਼ਤਰ, ਉਤਰੀ ਰੇਲਵੇ, ਅੰਮ੍ਰਿਤਸਰ ਸੁਪਰਡੈਂਟ ਸ੍ਰੀਮਤੀ ਸੁਖਜੀਤ ਕੌਰ ਸ਼ੰਮੀ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਅਤੇ ਸੈਸ਼ਨ ਲੜਕੀਆਂ ਅਤੇ ਲੜਕਿਆਂ ਦੋਵਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ਉਨ੍ਹਾਂ ਨੂੰ ਇਕ ਦੂਜੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ।
ਇਸ ਮੌਕੇ ਸ੍ਰੀਮਤੀ ਸ਼ੰਮੀ ਨੇ ਜ਼ਿੰਦਗੀ ਦੇ ਤਜਰਬੇ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਕਾਮਯਾਬੀ ਦਾ ਮਾਰਗ ਬਹੁਤ ਹੀ ਚਾਵਾਂ ਅਤੇ ਕਠਿਨਾਈਆਂ ਭਰਪੂਰ ਹੁੰਦਾ ਹੈ, ਪਰ ਇਹ ਔਕੜਾਂ ਨਵੀਂ ਉਮੀਦ ਅਤੇ ਉਮੰਗਾਂ ਲੈ ਕੇ ਆਉਂਦੀਆਂ ਹਨ ਅਤੇ ਜਦ ਸਫ਼ਲਤਾ ਹਾਸਲ ਹੁੰਦੀ ਹੈ ਤਾਂ ਨਵੇਂ ਕੀਰਤੀਮਾਨ ਸਥਾਪਿਤ ਹੁੰਦੇ ਹਨ। ਉਨ੍ਹਾਂ ਇਸ ਮੌਕੇ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਫ਼ਲਤਾ ਇਤਿਹਾਸ ਸਿਰਜਦੀ ਹੈ, ਇਸ ਲਈ ਕਦੇ ਵੀ ਜੀਵਨ ’ਚ ਕੁਝ ਕਾਰਜ ਕਰਨ ਤੋਂ ਪਹਿਲਾਂ ਮਾਯੂਸ ਨਹੀਂ ਹੋਣਾ ਚਾਹੀਦਾ, ਸਗੋਂ ਡੱਟ ਕੇ ਹਰੇਕ ਕੰਮ ਨੂੰ ਸ਼ਿੱਦਤ ਅਤੇ ਜਨੂੰਨ ਨਾਲ ਕਰਨਾ ਚਾਹੀਦਾ ਹੈ, ਉਹ ਚਾਹੇ ਵਿੱਦਿਆ, ਕਾਰੋਬਾਰ ਜਾਂ ਸਿਰਫ਼ ਕੋਈ ਹੋਰ ਗਤੀਵਿਧੀ, ਹਰੇਕ ਕੰਮ ਨੂੰ ਜ਼ਿੰਦਗੀ ’ਚ ਨਵੀਂ ਚੁਣੌਤੀ ਵਜੋਂ ਅਪਨਾਓ।
ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਔਰਤ ਵਿਰੋਧੀ ਮਾਨਸਿਕਤਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਦਾ ਮਤਲਬ ਮਰਦਾਂ ਨੂੰ ਨੀਵਾਂ ਵਿਖਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੰਸਾਰ ’ਚ ਅਜੇ ਵੀ ਜ਼ਿਆਦਾਤਰ ਔਰਤਾਂ ਪੀੜਤ ਹਨ ਅਤੇ ਲੋਕਾਂ ਦੀ ਗਲਤ ਮਾਨਸਿਕਤਾ ਕਾਰਨ ਦੁਰਵਿਵਹਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਵਿਕਾਸ ਦਾ ਇਕੋ ਇਕ ਰਸਤਾ ਹੈ ਇਕਸੁਰਤਾ ਅਤੇ ਸਮਾਨਤਾ ਅਤੇ ਜਦੋਂ ਤੱਕ ਇਹ ਪ੍ਰਾਪਤ ਨਹੀਂ ਹੁੰਦਾ ਸਾਡਾ ਸਮਾਜ ਤਰੱਕੀ ਅਤੇ ਖੁਸ਼ਹਾਲ ਨਹੀਂ ਹੋ ਸਕਦਾ।
ਇਸ ਮੌਕੇ ਪ੍ਰਿੰ: ਡਾ. ਧਵਨ ਨੇ ਮੁੱਖ ਮਹਿਮਾਨ ਸ੍ਰੀਮਤੀ ਸ਼ੰਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਸ਼ਵ ਭਰ ’ਚ ਔਰਤਾਂ ਹਰੇਕ ਖੇਤਰ ’ਚ ਮੱਲ੍ਹਾ ਮਾਰ ਰਹੀਆਂ ਹਨ ਅਤੇ ਕਿਸੇ ਵੀ ਸਮਾਜ ਦੀ ਹੋਂਦ ਔਰਤ ਤੋਂ ਬਿਨ੍ਹਾਂ ਨਾਮੁਮਕਿਨ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਮਾਜ ’ਚ ਔਰਤ ਦੀ ਮਹੱਤਤਾ ਅਤੇ ਉਸ ਦੀ ਲੋੜੀਂਦੀ ਅਜ਼ਾਦੀ ’ਤੇ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰ: ਡਾ. ਧਵਨ ਨੇ ਕੋਆਰਡੀਨੇਟਰ ਡਾ. ਤਾਜਪ੍ਰੀਤ ਕੌਰ, ਡਾ. ਚਰਨਜੀਤ ਕੌਰ, ਡਾ. ਸਤਿੰਦਰ ਕੌਰ, ਡਾ. ਕਵਿਤਾ ਭਗਤ, ਵੱਲੋਂ ਸਮਾਗਮ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਕਾਲਜ ਸਟਾਫ਼ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।

Ads on article

Advertise in articles 1

advertising articles 2

Advertise