-->
ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ 55ਵੇਂ ਇਨਾਮ ਵੰਡ ਸਮਾਰੋਹ ਦਾ ਆਯੋਜਨ

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ 55ਵੇਂ ਇਨਾਮ ਵੰਡ ਸਮਾਰੋਹ ਦਾ ਆਯੋਜਨ

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ 55ਵੇਂ ਇਨਾਮ ਵੰਡ
ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) - ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 55ਵੇਂ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਮਾਣਯੋਗ ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਐਂਡ ਲੈਂਗੁਏਜਿਜ਼, ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਅਤੇ ਬ੍ਰਿਗੇਡੀਅਰ ਸ. ਹਰਚਰਨ ਸਿੰਘ, ਵੀ ਐਸ ਐਮ ਅਰਜੁਨਾ ਅਵਾਰਡੀ, ਹਾਕੀ ਉਲੰਪੀਅਨ ਐਂਡ ਵਰਲਡ ਕੱਪ ਵਿਨਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗ਼ਾਜ ਡੀ.ਏ.ਵੀ ਗਾਨ ਅਤੇ ਵੇਦ-ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ.ਸੀ.ਸੀ, ਐਨ.ਐਸ.ਐਸ ਆਦਿ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਵਿਸਤ੍ਰਿਤ ਰਿਪੋਰਟ ਪੜ੍ਹੀ। ਉਨ੍ਹਾਂ ਦੱਸਿਆ ਕਿ 40 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ ਜਿਸ ਵਿੱਚ ਕਾਲਜ ਦੀਆਂ 21 ਵਿਦਿਆਰਥਣਾਂ ਨੇ ਪਹਿਲਾ ਸਥਾਨ ਅਤੇ 23 ਵਿਦਿਆਰਥਣਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਅਤੇ ਸੰਸਕ੍ਰਿਤਕ ਖੇਤਰ ਤੋਂ ਇਲਾਵਾ ਯੂਨੀਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਦੇ ਖੇਤਰ ਵਿੱਚ ਵੀ ਰਿਕਾਰਡ ਕਾਇਮ ਕੀਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਲਜ ਦੀਆਂ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 21 ਲੱਖ ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਸਾਈਕਲਿੰਗ ਵਿੱਚ ਅੰਤਰਰਾਸ਼ਟਰੀ ਖਿਡਾਰਨ ਮਿਸ ਆਗਾਸ਼ੇ ਸੁਸ਼ੀਕਲਾ ਦੁਰਗਾਪ੍ਰਸਾਦ, ਅੰਤਰਰਾਸ਼ਟਰੀ ਫੈਂਸਿੰਗ ਖਿਡਾਰਨ ਮਿਸ ਤਨਿਕਸ਼ਾ ਖੱਤਰੀ ਅਤੇ ਮਿਸ ਸ਼ੀਤਲ ਦਲਾਲ ਨੂੰ ਯੂਨੀਵਰਸਿਟੀ ਵੱਲੋਂ 3,15,000/- ਰੁਪਏ ਦੀ ਰਾਸ਼ੀ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀ ਗਈ ਅਤੇ 2,00,000/- ਰੁਪਏ ਦੀ ਅਤਿਰਿਕਤ ਰਾਸ਼ੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਖੇਡਾਂ ਦੀ ੳਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਵੂਮੈਨ ਵੀ ਬੀ.ਬੀ.ਕੇ ਡੀ.ਏ.ਵੀ ਦੇ ਨਾਮ ਰਹੀ। 
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੀਵਨ ਵਿੱਚ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਵਿਚਾਰਾਂ ਦੀ ਸਕਾਰਾਤਮਕਤਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਜੀਵਨ ਦੇ ਖੇਤਰ ‘ਚ ਜਿੱਤ ਦੇ ਨਾਲ-ਨਾਲ ਹਾਰ ਨੂੰ ਸਵੀਕਾਰ ਕਰਨਾ ਵੀ ਸਿੱਖਣਾ ਜ਼ਰੂਰੀ ਹੈ। ਬਾਰ-ਬਾਰ ਅਸਫਲ ਹੋਂਣ ਤੋ ਘਬਰਾਣਾ ਨਹੀਂ ਚਾਹੀਦਾ ਬਲਕਿ ਕੋਸ਼ਿਸ਼ ਕਰਨ ਵਾਲਾ ਹੀ ਆਪਣੇ ਜੀਵਨ ‘ਚ ਸੱਚਾ ਖਿਡਾਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਜੀਵਨ ‘ਚ ਕਲਪਨਾ ਨੂੰ ਸਾਕਾਰ ਕਰਨਾ ਸਿੱਖੋ। 
ਮੁੱਖ ਮਹਿਮਾਨ ਡਾ. ਅਸ਼ਵਨੀ ਭੱਲਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਡੀ ਏ ਵੀ ਸੰਸਥਾਵਾਂ ਹਮੇਸ਼ਾ ਵਿਦਿਆਰਥਣਾਂ ਨੂੰ ਸੰਸਕਾਰ ਪ੍ਰਦਾਨ ਕਰਦੀਆਂ ਹਨ। ਨਾਰੀ ਸਿੱਖਿਆ ਦੇ ਖੇਤਰ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਇਕ ਅਗਰਸਰ ਸੰਸਥਾ ਹੈ। ਉਹਨਾਂ ਨੇ ਅਕਾਦਮਿਕ, ਸੰਸਕ੍ਰਿਤਿਕ ਅਤੇ ਖੇਡ ਖੇਤਰ ‘ਚ ਜਿੱਤ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸੋਸ਼ਲ ਮੀਡੀਆ ਤੋਂ ਇਲਾਵਾ ਪੁਸਤਕਾਂ ਨੂੰ ਆਪਣਾ ਸਾਥੀ ਬਨਾਉਣ। ਸਰਦਾਰ ਭਗਤ ਸਿੰਘ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਆਪਣੇ ਆਖਰੀ ਸਮੇਂ ‘ਚ ਭਗਤ ਸਿੰਘ ਇਕ ਪੁਸਤਕ ਪੜ੍ਹ ਰਹੇ ਸਨ। ਉਹਨਾਂ ਨੇ ਕਿਹਾ ਕਿ ਖੇਡਾਂ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਕਿਹਾ ਕਿ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਕਰੱਤਵਾਂ ਦੀ ਵੀ ਜ਼ਿੰਮੇਵਾਰੀ ਲਉ। 
ਬ੍ਰਿਗੇਡੀਅਰ ਸ. ਹਰਚਰਨ ਸਿੰਘ ਨੇ ਆਪਣੇ ਸੰਬੋਧਨ ‘ਚ ਵਿਦਿਆਰਥਣਾਂ ਦਾ ਜੋਸ਼ ਵਧਾਉਦੇਂ ਹੋਏ ਕਿਹਾ ਕਿ ਜੀਵਨ ਦੀ ਯਾਤਰਾ ਛੋਟੇ-ਛੋਟੇ ਕਦਮਾਂ ਨਾਲ ਪੂਰਨ ਹੁੰਦੀ ਹੈ। ਜੇਕਰ ਤੁਸੀਂ ਆਪਣੀ ਸ਼ਕਤੀ ਨੂੰ ਇਕ ਸਹੀ ਮਾਰਗ ਨਾਲ ਪ੍ਰਯੋਗ ‘ਚ ਲਿਆਉਂਦੇ ਹੋ ਤਾਂ ਸਾਰਿਆਂ ‘ਤੇ ਇਕ ਚਾਨਣ ਹੁੰਦਾ ਹੈ ਜੋ ਉਹਨਾਂ ਨੂੰ ਸੰਸਾਰ ਦੇ ਆਕਾਸ਼ ‘ਚ ਚਮਕ ਦਿੰਦਾ ਹੈ। ਜੀਵਨ ‘ਚ ਕੁਝ ਪਾਉਣ ਦੇ ਲਈ ਕੁਝ ਗਵਾਉਣਾ ਵੀ ਪੈਂਦਾ ਹੈ। ਅਸਫਲਤਾ ਦੇ ਦੌਰਾਨ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ‘ਤੇ ਕਿਸ ਤਰ੍ਹਾਂ ਨਿਯੰਤਰਨ ਕਰਨਾ ਹੈ, ਇਹ ਸਾਨੂੰ ਖੇਡ ਜਗਤ ਸਿਖਾਉਂਦਾ ਹੈ। 
ਇਸ ਪ੍ਰੋਗਰਾਮ ਵਿੱਚ 800 ਤੋਂ ਵੱਧ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ। ਬੀ.ਐਫ.ਏ. ਅਪਲਾਈਡ ਆਰਟ, ਸਮੈਸਟਰ ਛੇਵਾਂ ਦੀ ਵਿਦਿਆਰਥਣ ਮਿਸ ਏਕਮਜੋਤ ਕੌਰ ਨੂੰ ਉਸ ਦੀਆਂ ਅਕਾਦਮਿਕ ਅਤੇ ਸੰਸਕ੍ਰਿਤਿਕ ਗਤੀਵਿਧੀਆਂ ਲਈ ਸਵਰਗੀ ਸ਼੍ਰੀਮਤੀ ਸਰਸਵਤੀ ਦੇਵੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬੀ.ਕਾਮ., ਸਮੈਸਟਰ ਛੇਵਾਂ ਦੀ ਵਿਦਿਆਰਥਣ ਮਿਸ ਮਨਪ੍ਰੀਤ ਕੌਰ ਨੂੰ ਆਲ ਰਾਊਂਡਰ ਬੈਸਟ ਵਿਦਿਆਰਥਣ ਲਈ ਸਵਰਗੀ ਸ਼੍ਰੀ ਏ. ਐੱਸ. ਸੋਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖਿਡਾਰਨ ਮਿਸ ਬੰਦਨਾ ਨੂੰ ਬੈਸਟ ਪਲੇਅਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਮੀਡੀਆ ਕਰਮੀਆਂ ਅਤੇ ਕੋਚਾਂ ਦਾ ਸਨਮਾਨ ਵੀ ਕੀਤਾ ਗਿਆ। ਕਾਲਜ ਦੀ ਕਮਿਊਨਿਟੀ ਡਿਵੈਲਪਮੈਂਟ ਸਰਵਿਸ ਤਹਿਤ 'ਕੋਰਾ ਕਾਗਜ਼ ਕਲੱਬ' ਵੱਲੋਂ ਕੋਰੇ ਕਾਗਜ਼ਾਂ ਤੋਂ ਤਿਆਰ ਕੀਤੀਆਂ ਕਾਪੀਆਂ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਗੋਦ ਲਏ ਪਿੰਡ ਮਾਲਾਵਾਲੀ, ਤਾਬੋਵਾਲੀ, ਮੀਰਾਕੋਟ ਖ਼ੁਰਦ, ਮੀਰਾਕੋਟ ਕਲਾਂ ਅਤੇ ਗੁਮਟਾਲਾ ਸਬ ਅਰਬਨ ਦੇ ਬੱਚਿਆਂ ਵਿੱਚ ਵੰਡੀਆਂ ਗਈਆਂ। ਇਸ ਕਲੱਬ ਦਾ ਉਦੇਸ਼ ਵਾਤਾਵਰਨ ਦੀ ਸੁਰੱਖਿਆ ਹੈ। ਸੰਸਥਾ ਵਲੋਂ ਪ੍ਰਿੰਸੀਪਲ ਡਾ.ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਸੱਭਿਆਚਾਰਕ ਪ੍ਰੋਗਰਾਮ ਵਿੱਚ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਪੰਜਾਬ ਦਾ ਲੋਕ ਨਾਚ ‘ਲੁੱਡੀ’ ਪੇਸ਼ ਕੀਤਾ ਗਿਆ।
ਸ਼੍ਰੀ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਵਿਦਿਆਰਥਣ ਨੂੰ ਜੀਵਨ ਵਿੱਚ ਵਿਭਿੰਨ ਭੂਮਿਕਾਵਾਂ ਵਿੱਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਸਫ਼ਲ ਆਯੋਜਨ ਲਈ ਪ੍ਰਿੰਸੀਪਲ ਡਾ.ਵਾਲੀਆ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਮੌਕੇ ਕੈਪਟਨ ਸੰਜੀਵ ਸ਼ਰਮਾ, ਪ੍ਰਿੰਸੀਪਲ, ਗੌਰਮਿੰਟ ਆਈ ਟੀ ਆਈ, ਡਾ. ਕੇ. ਐਸ. ਮਨਚੰਦਾ, ਸ. ਭੁਪਿੰਦਰ ਸਿੰਘ ਸੰਧੂ, ਪ੍ਰਧਾਨ ਵਿਰਸਾ ਵਿਹਾਰ, ਆਰਿਆ ਸਮਾਜ ਤੋਂ ਸ਼੍ਰੀ ਜਵਾਹਰ ਲਾਲ ਇਸ ਮੌਕੇ ਹਾਜ਼ਰ ਸਨ। ਡਾ. ਅਨੀਤਾ ਨਰਿੰਦਰ, ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਰਾਸ਼ਟਰ-ਗਾਨ ਨਾਲ ਹੋਈ।

Ads on article

Advertise in articles 1

advertising articles 2

Advertise