ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੇ ਬੱਚਿਆਂ ਦੇ ਵਿਆਹ ਕਾਰਜ ਕਰਨ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ · ਡਾ. ਵਿਜੇ ਸਤਬੀਰ ਸਿੰਘ
ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੇ ਬੱਚਿਆਂ ਦੇ ਵਿਆਹ ਕਾਰਜ ਕਰਨ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ - ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) - ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ 67 ਵੇਂ ਸਮੂਹਿਕ ਵਿਆਹ ਮੇਲਾਵਾਂ ਵਿੱਚ ਸ਼ਾਮਿਲ ਪਰਿਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ। ਇਸ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਪੰਜਾਬ, ਦਿੱਲੀ ਤੇ ਹੋਰ ਥਾਵਾਂ ਤੇ ਕਈ ਸਿੱਖ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਦੇ ਵਿਆਹਾਂ ਤੇ ਵਿਤੋਂ ਵੱਧ ਦੇਖਾ ਦੇਖੀ ਖਰਚ ਕੀਤੇ ਜਾ ਰਹੇ ਹਨ ਜਿਸ ਨਾਲ ਕਈ ਲੋਕਾਂ ਨੂੰ ਕਰਜ਼ੇ ਦਾ ਬੋਝ ਵੀ ਸਹਿਣਾ ਪੈਂਦਾ ਹੈ ਜੋ ਕਿ ਕਈ ਸਾਲਾਂ ਤੱਕ ਸਿਰੋਂ ਨਹੀਂ ਲੱਭਦਾ ਇਸ ਮੌਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਲੋਂ ਸਾਲ ਵਿੱਚ ਦੋ ਵਾਰ ਆਯੋਜਿਤ ਕੀਤੇ ਜਾਂਦੇ ਸਮੂਹਿਕ ਵਿਆਹ ਕਾਰਜਾਂ ਵਿੱਚ ਆਪਣੇ ਬੱਚੇ ਬੱਚੀਆਂ ਦੇ ਪੂਰਨ ਗੁਰਮਰਯਾਦਾ ਅਨੁਸਾਰ ਅਨੰਦ ਕਾਰਜ ਕਰਨ ਲਈ ਅੱਗੇ ਆਉਣ। ਕਿਉਂਕਿ ਏਥੇ ਹਰ ਸਿੱਖ ਬੱਚੇ ਬੱਚੀ ਨੂੰ ਵਿਆਹ ਕਾਰਜ ਤੋਂ ਪਹਿਲਾਂ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ । ਅਜਿਹੇ ਇਤਿਹਾਸਕ ਸਥਾਨਾਂ ਤੋਂ ਜਿਥੇ ਗੁਰੂ ਮਹਾਰਾਜ ਦਾ ਖੁੱਲ੍ਹਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਥੇ ਨਾਲ ਹੀ ਵਿਆਹ ਕਾਰਜ ਲਈ ਲੰਗਰ, ਪਾਣੀ, ਟੈਂਟ ਦੇ ਬੈਂਡ ਵਾਜਾ ਆਦਿ ਦਾ ਸਮੁੱਚਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ, ਦਿੱਲੀ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਕਾਰਜ ਸਾਦ ਮੁਰਾਦੇ ਢੰਗ ਤੇ ਗੁਰਮਰਯਾਦਾ ਅਨੁਸਾਰ ਕਰਨ ਲਈ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰਨ ਤੇ ਅਸੀਂ ਚਹੁੰਦੇ ਹਾਂ ਕਿ ਅੱਗੇ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਵਿਆਹ ਕਾਰਜ ਸੰਪੰਨ ਹੋਣ । ਡਾ. ਵਿਜੇ ਸਤਬੀਰ ਸਿੰਘ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਗੁਰਦੁਆਰਾ ਬੋਰਡ ਵਲੋਂ ਆਰਥਿਕ ਤੌਰ ਤੇ ਪੱਛੜੇ ਸਿੱਖ ਪਰਿਵਾਰਾਂ ਲਈ ਚਲਾਈ ਜਾ ਰਹੀ ਇਸ ਸਕੀਮ ਨੂੰ ਹੁਣ ਖਾਲਸੇ ਦੀ ਪੂਜਨੀਕ ਮਾਤਾ, "ਮਾਤਾ ਸਾਹਿਬ ਕੌਰ ਜੀ ਸਮੂਹਿਕ ਵਿਆਹ ਸਕੀਮ'' ਦੇ ਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਤਖ਼ਤ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਸ੍ਰ: ਜਸਵੰਤ ਸਿੰਘ ਬੌਬੀ, ਸ੍ਰ: ਅਮਰਪ੍ਰੀਤ ਸਿੰਘ ਜੱਜ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।