ਟਰੈਫਿਕ ਪੁਲੀਸ ਦੇ ਯਤਨਾਂ ਸਦਕਾ ਰਾਮ ਤਲਾਈ ਤੋਂ ਹੁਸੈਨਪੁਰਾ ਜਾਣਾ ਹੋਇਆ ਆਸਾਨ
ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) - ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦੀ ਸਖ਼ਤ ਮਿਹਨਤ ਸਦਕਾ ਹਰ ਸਮੇਂ ਭੀੜ-ਭੜੱਕੇ ਵਾਲੀ ਅਤੇ ਜਾਮ ਵਾਲੀ ਸੜਕ ਹੁਣ ਰਾਮ ਤਲਾਈ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੋਂ ਹੋ ਕੇ ਹੁਸੈਨਪੁਰਾ ਚੌਕ ਨੂੰ ਜਾਂਦੀ ਸੜਕ ਹੁਣ ਏ.ਡੀ.ਸੀ.ਪੀ ਦੇ ਯਤਨਾਂ ਸਦਕਾ ਸਾਫ਼-ਸੁਥਰੀ ਦਿਖਾਈ ਦੇਣ ਲੱਗੀ ਹੈ। ਪਹਿਲੇ ਸਮਿਆਂ ਵਿੱਚ ਇਹ ਸੜਕ ਹਮੇਸ਼ਾ ਟ੍ਰੈਫਿਕ ਜਾਮ ਨਾਲ ਭਰੀ ਰਹਿੰਦੀ ਸੀ। ਕਈ ਵਾਰ ਰਾਮਤਲਾਈ ਚੌਕ ਤੋਂ ਹੁਸੈਨਪੁਰਾ ਚੌਕ ਤੱਕ ਜਾਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ ਪਰ ਹੁਣ ਏਡੀਸੀਪੀ ਹਰਪਾਲ ਸਿੰਘ ਦੀਆਂ ਹਦਾਇਤਾਂ ’ਤੇ ਟਰੈਫਿਕ ਪੁਲੀਸ ਦੀ ਟੀਮ ਨੇ ਬੱਸ ਸਟੈਂਡ ਨੇੜੇ ਬੈਰੀਕੇਡ ਬਣਾ ਕੇ ਆਟੋ ਰਿਕਸ਼ਿਆਂ ਦਾ ਰੂਟ ਮੋੜ ਦਿੱਤਾ ਹੈ। ਉਹਨਾਂ ਲਈ ਇੱਕ ਵੱਖਰੀ ਲੇਨ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਕੀਤੀ ਗਈ ਹੈ। ਬਾਹਰੋਂ ਆਏ ਇੱਕ ਸਵਾਰੀ ਸਰਵਣ ਸਿੰਘ ਨੇ ਦੱਸਿਆ ਕਿ ਪਹਿਲਾਂ ਗੱਡੀਆਂ ਵਿੱਚੋਂ ਲੰਘਣਾ ਔਖਾ ਸੀ ਪਰ ਹੁਣ ਜਦੋਂ ਟਰੈਫਿਕ ਵਿਵਸਥਾ ਵਿੱਚ ਸੁਧਾਰ ਹੋਇਆ ਹੈ ਤਾਂ ਅਸੀਂ ਇੱਥੋਂ ਆਸਾਨੀ ਨਾਲ ਲੰਘ ਸਕਦੇ ਹਾਂ। ਉਨ੍ਹਾਂ ਟਰੈਫਿਕ ਪੁਲੀਸ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬਾਹਰੋਂ ਆਉਣ ਵਾਲੀ ਸੰਗਤ ਨੂੰ ਵੀ ਰਾਹਤ ਮਿਲੇਗੀ।