ਟਰੈਫਿਕ ਪੁਲਿਸ, ਅੰਮ੍ਰਿਤਸਰ ਸਿਟੀ ਵੱਲੋਂ ਸੜਕ ਕਿਨਾਰੇ ਨਜਾਇਜ਼ ਕਬਜ਼ਿਆਂ ਖਿਲਾਫ ਚਲਾਇਆ ਸਪੈਸ਼ਲ ਅਭਿਆਨ।
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ) - ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਨੂੰ ਟਰੈਫਿਕ ਜਾਮ ਮੁਕਤ ਕਰਕੇ ਨਿਰਵਿਘਨ ਚਲਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ ਆਈਪੀਐਸ ਡੀਸੀਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਮਿਤੀ 23-10-2024 ਨੂੰ ਸ੍ਰੀ ਗੁਰਬਿੰਦਰ ਸਿੰਘ, ਏ.ਸੀ.ਪੀ ਟਰੈਫਿਕ, ਅੰਮ੍ਰਿਤਸਰ ਸਮੇਤ ਜੋਨ ਇੰਚਾਂਰਜ਼ ਇੰਸਪੈਕਟਰ ਰਾਮਦਵਿੰਦਰ ਸਿੰਘ ਸਮੇਤ ਪੁਲਿਸ ਫੋਰਸ ਅਤੇ ਕਾਰਪੋਰੇਸ਼ਨ ਦੀਆਂ ਟੀਮਾਂ ਨਾਲ ਸੜਕਾਂ ਪਰ ਕਿਤੇ ਨਜਾਇਜ਼ ਕਬਜ਼ਿਆਂ ਤੇ ਵਿਸ਼ੇਸ਼ ਅਭਿਆਨ ਚਲਾਇਆ ਗਿਆ।
ਇਸ ਅਭਿਆਨ ਦੌਰਾਨ ਲਾਰੈਂਸ ਰੋਡ, ਲਿੰਕ ਰੋਡ ਰੇਲਵੇ ਸਟੇਸ਼ਨ, ਰੀਆਲਟੋ ਚੌਕ ਤੋਂ ਅਸ਼ੋਕਾ ਚੌਕ ਦੇ ਆਲੇ ਦੁਆਲੇ ਦੇ ਬਜ਼ਾਰਾਂ ਵਿੱਚ ਰੇਹੜੀ ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੀਆਂ ਗਈਆਂ ਨਜ਼ਾਇਜ਼ ਇਨਕਰੋਚਮੈਂਟਾਂ ਹਟਾਈਆਂ ਗਈਆਂ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਦੁਕਾਨ ਦੀ ਹਦੂਦ ਅੰਦਰ ਹੀ ਆਪਣਾ ਸਮਾਨ ਰੱਖਣ ਤਾਂ ਜੋ ਆਵਾਜ਼ਾਈ ਸਹੀ ਢੰਗ ਨਾਲ ਚੱਲ ਸਕੇ ਤੇ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ।
ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਹੀਕਲ ਸੜਕਾਂ ਤੇ ਨਾ ਲਗਾਉਣ, ਵਹੀਕਲ ਯੋਗ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਖੜੇ ਕੀਤੇ ਜਾਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਤਾਂ ਜੋ ਟਰੈਫਿਕ ਆਵਾਜਾਈ ਵਿੱਚ ਕੋਈ ਵਿਘਨ ਨਾ ਪੈ ਸਕੇ। ਇਸ ਤੋਂ ਇਲਾਵਾ ਅਗਰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਨਜਾਇਜ਼ ਕਬਜ਼ਿਆਂ ਖਿਲਾਫ ਚਲਾਇਆ ਸਪੈਸ਼ਲ ਅਭਿਆਨ ਭਵਿੱਖੇ ਵਿੱਚ ਵੀ ਇਸੇ ਤਰ੍ਹਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਚਲਾਇਆ ਜਾਵੇਗਾ।