ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਰਹਿਬਰ- ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 7 ਨਵੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਮਿਤੀ 3 ਨਵੰਬਰ ਤੋਂ 7 ਨਵੰਬਰ ਤੱਕ ਚਲੇ ਗੁਰਮਤਿ ਸਮਾਗਮਾਂ ਦੇ ਸਮਾਪਤੀ ਦਾ ਨਗਰ ਕੀਰਤਨ 7 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਬਾਅਦ ਦੁਪਹਿਰ ਤਿੰਨ ਵਜੇ ਆਰੰਭ ਹੋਇਆ ਜੋ ਕਿ ਸ਼ਹਿਰ ਦੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਰਾਤ ਤਖ਼ਤ ਸੱਚਖੰਡ ਸਾਹਿਬ ਵਿਖੇ ਵਾਪਿਸ ਪੁੱਜਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹੁਨਮਾਈ ਹੇਠ ਤਖ਼ਤ ਸੱਚਖੰਡ ਸਾਹਿਬ ਦੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਅਤੇ ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਦੇ ਦਿਸ਼ਾ ਨਿਰਦੇਸ਼ ਅਧੀਨ ਮਿਤੀ 3 ਨਵੰਬਰ ਤੋਂ 7 ਨਵੰਬਰ 2024 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਏ ਜਿਸ ਵਿੱਚ ਪੰਥ ਦੀਆਂ ਮਹਾਨ ਸਖਸ਼ੀਅਤਾਂ, ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰਸੇਵਾ ਵਾਲੇ, ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ, ਬਾਬਾ ਕਰਨੈਲ ਸਿੰਘ ਜੀ ਟੱਲੇਵਾਲ (ਲੰਗਰ ਦੀ ਸੇਵਾ), ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ । ਭਾਈ ਕੰਵਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਗਿਆਨੀ ਹਰਨਾਮ ਸਿੰਘ ਜੀ ਸੀਸ ਗੰਜ ਸਾਹਿਬ ਦਿੱਲੀ, ਗਿਆਨੀ ਹਰਿੰਦਰ ਸਿੰਘ ਜੀ ਅਲਵਰ, ਭਾਈ ਸਤਿੰਦਰਪਾਲ ਸਿੰਘ ਜੀ ਜਗਾਧਰੀ ਵਾਲੇ, ਰਾਗੀ ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ, ਰਾਗੀ ਭਾਈ ਜੋਧਬੀਰ ਸਿੰਘ ਜੀ ਨਨਕਾਣਾ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ ਦਰਦੀ, ਰਾਗੀ ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ, ਰਾਗੀ ਭਾਈ ਭੁਪਿੰਦਰ ਸਿੰਘ ਜੀ ਫਿਰੋਜ਼ਪੁਰੀ ਆਦਿ ਨੇ ਵਿਸ਼ੇਸ਼ ਤੌਰ'ਤੇ ਹਾਜ਼ਰੀਆਂ ਭਰੀਆਂ। ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਨੇ ਇਸ ਮੌਕੇ ਗੁਰਪੁਰਬ ਦੂਜ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਰਹਿਬਰ ਹਨ ਆਪ ਜੀ ਨੇ ਗੁਰਦੁਆਰਾ ਬੋਰਡ ਵੱਲੋਂ ਚਲ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਮਿਤੀ 3 ਨਵੰਬਰ ਤੋਂ 6 ਨਵੰਬਰ 2024 ਤੱਕ ਦਸਮੇਸ਼ ਹਸਪਤਾਲ ਵਿੱਚ ਫਰੀ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਸ੍ਰੀ ਐਮ. ਆਰ ਸਿੰਘ ਮੇਹਤਾ ਅਤੇ ਸ੍ਰੀ ਜੀ. ਐਸ. ਢੀਂਗਰਾ ਦੇ ਸਹਿਯੋਗ ਨਾਲ ਕੀਤਾ ਗਿਆ । ਡਾ. ਐਸ. ਪੀ. ਸਿੰਘ ਜੀ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਵੱਲੋਂ ਇਸ ਕੈਂਪ ਵਿੱਚ ਫ੍ਰੀ ਦਵਾਈਆਂ ਦਿਤੀਆਂ ਗਈਆਂ ਇਸ ਮੌਕੇ ਡਾ. ਗੁਰਮੀਤ ਸਿੰਘ, ਡਾ. ਰਾਜਨਦੀਪ ਸਿੰਘ ਸੇਠੀ (ਕੈਂਸਰ ਸਰਜਨ), ਡਾ. ਜੀ. ਪੀ. ਸਿੰਘ (ਪਲਾਸਟਿਕ ਸਰਜਨ ਡਾ. ਮੀਤ ਸਿਰਜਨਾ ਆਦਿ ਲਗਭਗ 12 ਡਾਕਟਰ ਸਾਹਿਬਾਨ ਦੀ ਟੀਮ ਨੇ ਇਸ ਚਾਰ ਰੋਜ਼ਾ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ ਤੇ ਗੁਰਦੁਆਰਾ ਬੋਰਡ ਵੱਲੋਂ ਇਨ੍ਹਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ।